मेरा भारत NEWS

ਆਦਮਪੁਰ ਸਿਵਲ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ‘ਤੇ ਰੱਖਣ ਦਾ ਮੁੱਦਾ ਸਰਕਾਰ ਪਾਸ ਉਠਾਵਾਂਗੇ : ਸੁਸ਼ੀਲ ਕੁਮਾਰ ਰਿੰਕੂ

ਲੋਕ ਸਭਾ ਮੈਂਬਰ ਤੇ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਆਦਮਪੁਰ ਏਅਰਪੋਰਟ ਟਰਮੀਨਲ ‘ਤੇ ਲਿੰਕ ਟੈਕਸੀ ਟਰੈਕ ਦੇ ਨਿਰਮਾਣ ’ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ

ਪਿੰਡ ਦੀ ਫਿਰਨੀ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਮਈ ਦੇ ਅਖੀਰ ਤੱਕ 4 ਕਿਲੋਮੀਟਰ ਸੜਕ ਨੂੰ ਚਹੁੰ ਮਾਰਗੀ ਕਰਨ ਦੇ ਵੀ ਨਿਰਦੇਸ਼

ਹਵਾਈ ਅੱਡੇ ਨੂੰ ਜਾਂਦੀ ਸੜਕ ਦੇ ਬਾਕੀ ਹਿੱਸੇ ਲਈ ਜ਼ਮੀਨ ਐਕਵਾਇਰ ਕਰਨ ਦੇ ਕੰਮ ਦੀ ਪ੍ਰਗਤੀ ਦਾ ਵੀ ਲਿਆ ਜਾਇਜ਼ਾ

ਆਦਮਪੁਰ ਹਵਾਈ ਅੱਡੇ ਤੋਂ ਵੱਖ-ਵੱਖ ਰੂਟਾਂ ‘ਤੇ ਸੇਵਾਵਾਂ ਪ੍ਰਦਾਨ ਕਰਨ ਲਈ ਕਈ ਏਅਰਲਾਈਨਾਂ ਨੇ ਦਿਖਾਈ ਦਿਲਚਸਪੀ

ਜਲੰਧਰ, 19 may (mera bharat news) : ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਜ਼ੋਰ ਦਿੰਦਿਆਂ ਕਿਹਾ ਕਿ ਉਹ ਆਦਮਪੁਰ ਸਿਵਲ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਰੱਖਣ ਦਾ ਮੁੱਦਾ ਸੂਬਾ ਸਰਕਾਰ ਅੱਗੇ ਉਠਾਉਣਗੇ ਤਾਂ ਜੋ ਹਵਾਈ ਅੱਡੇ ਦਾ ਨਾਂ ਬਦਲਣ ਸਬੰਧੀ ਲੋੜੀਂਦੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ।
ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਨਵੇਂ ਬਣੇ ਏਅਰਪੋਰਟ ਟਰਮੀਨਲ ਦਾ ਦੌਰਾ ਕੀਤਾ, ਜਿੱਥੇ ਦੋਵਾਂ ਨੇ ਅਧਿਕਾਰੀਆਂ ਨੂੰ ਲੰਬਿਤ ਪਏ ਸਿਵਲ ਕੰਮਾਂ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਨੂੰ ਇਸ ਹਵਾਈ ਅੱਡੇ ‘ਤੇ ਅਤਿ-ਆਧੁਨਿਕ ਸਹੂਲਤਾਂ ਮਿਲ ਸਕਣ।
ਏਅਰਪੋਰਟ ਟਰਮੀਨਲ ਦੇ ਦੌਰੇ ਦੌਰਾਨ ਉਨ੍ਹਾਂ ਨੇ ਲਿੰਕ ਟੈਕਸੀ ਟਰੈਕ ਦੇ ਨਿਰਮਾਣ ਕਾਰਜ ਦੀ ਰਫ਼ਤਾਰ ਦੀ ਸਮੀਖਿਆ ਕੀਤੀ ਕਿਉਂਕਿ ਹਾਲ ਹੀ ਵਿੱਚ ਏਅਰਫੋਰਸ ਅਥਾਰਟੀ ਵੱਲੋਂ ਇਸ ਦੇ ਨਿਰਮਾਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਲੋਕ ਸਭਾ ਮੈਂਬਰ ਅਤੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ 4.80 ਕਰੋੜ ਰੁਪਏ ਦੀ ਲਾਗਤ ਵਾਲਾ ਕੰਮ ਪਹਿਲਾਂ ਹੀ ਅਲਾਟ ਕੀਤਾ ਜਾ ਚੁੱਕਾ ਹੈ, ਜੋ ਕਿ ਹੁਣ ਏਅਰ ਫੋਰਸ ਅਥਾਰਟੀ ਤੋਂ ਮਨਜ਼ੂਰੀ ਮਿਲਣ ਉਪਰੰਤ ਸ਼ੁਰੂ ਕਰ ਦਿੱਤਾ ਗਿਆ ਹੈ।
ਸਹਾਇਕ ਡਾਇਰੈਕਟਰ ਆਦਮਪੁਰ ਏਅਰਪੋਰਟ ਕਮਲਜੀਤ ਕੌਰ ਨੇ ਮੈਂਬਰ ਪਾਰਲੀਮੈਂਟ ਅਤੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਆਦਮਪੁਰ ਸਿਵਲ ਹਵਾਈ ਅੱਡੇ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ ਅਤੇ ਸਿਰਫ਼ ਲਿੰਕ ਟੈਕਸੀ ਟਰੈਕ ਦੀ ਉਸਾਰੀ ਦਾ ਕੰਮ ਬਾਕੀ ਹੈ। ਉਨ੍ਹਾਂ ਦੱਸਿਆ ਕਿ ਨਵੇਂ ਟਰਮੀਨਲ ਦਾ ਨਿਰਮਾਣ 125 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।ਮੈਂਬਰ ਪਾਰਲੀਮੈਂਟ ਨੂੰ ਇਹ ਵੀ ਜਾਣੂ ਕਰਵਾਇਆ ਗਿਆ ਕਿ ਆਦਮਪੁਰ ਹਵਾਈ ਅੱਡੇ ਤੋਂ ਵੱਖ-ਵੱਖ ਰੂਟਾਂ ਲਈ ਕਈ ਏਅਰਲਾਈਨਾਂ ਵੱਲੋਂ ਬੋਲੀ ਲਗਾਈ ਗਈ ਹੈ, ਜਿਸ ਨਾਲ ਦੁਆਬੇ ਦੇ ਲੋਕਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਹਵਾਈ ਸਫ਼ਰ ਦੀ ਸਹੂਲਤ ਮੁਹੱਈਆ ਹੋਵੇਗੀ।
ਲੋਕ ਸਭਾ ਮੈਂਬਰ ਅਤੇ ਡਿਪਟੀ ਕਮਿਸ਼ਨਰ ਨੇ ਹਵਾਈ ਅੱਡੇ ਨੂੰ ਜਾਂਦੀ ਸੜਕ (ਅਪਰੋਚ ਰੋਡ) ਨੂੰ ਚੌੜਾ ਕਰਨ ਦੇ ਕੰਮ ਦਾ ਵੀ ਜਾਇਜ਼ਾ ਲਿਆ ਅਤੇ ਲੈਂਡ ਐਕੂਜ਼ੀਸ਼ਨ ਕੁਲੈਕਟਰ ਆਦਮਪੁਰ ਨੂੰ ਪਿੰਡ ਦਮੁੰਡਾ ਅਤੇ ਕੰਦੋਲਾ ਵਿੱਚ ਜ਼ਮੀਨ ਐਕਵਾਇਰ ਕਰਨ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਆਦਮਪੁਰ ਹਵਾਈ ਅੱਡੇ ਤੱਕ ਯਾਤਰੀਆਂ ਨੂੰ ਨਿਰਵਿਘਨ ਪਹੁੰਚ ਪ੍ਰਦਾਨ ਕਰਨ ਲਈ ਅਪਰੋਡ ਰੋਡ ਨੂੰ 41.40 ਕਰੋੜ ਰੁਪਏ ਦੀ ਲਾਗਤ ਨਾਲ ਚਹੁੰ ਮਾਰਗੀ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਚਾਰ ਕਿਲੋਮੀਟਰ ਸੜਕ ਦੇ ਚੱਲ ਰਹੇ ਨਿਰਮਾਣ ਨੂੰ ਇਸ ਮਹੀਨੇ ਦੇ ਅਖੀਰ ਤੱਕ ਮੁਕੰਮਲ ਕਰਨ ਦੀ ਹਦਾਇਤ ਕੀਤੀ ਅਤੇ ਸੜਕ ਦੇ ਬਾਕੀ ਰਹਿੰਦੇ ਹਿੱਸੇ ਲਈ ਜ਼ਮੀਨ ਐਕਵਾਇਰ ਕਰਨ ਦੇ ਕਾਰਜ ਨੂੰ ਵੀ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਪਿੰਡ ਦੀ ਬਾਹਰੀ ਸੜਕ (ਫਿਰਨੀ) ਨੂੰ ਜਲਦ ਤੋਂ ਜਲਦ ਮਜ਼ਬੂਤ ਕਰਨ ‘ਤੇ ਵੀ ਜ਼ੋਰ ਦਿੱਤਾ।
ਇਸ ਦੌਰਾਨ ਉਨ੍ਹਾਂ ਨਿਰਮਾਣ ਸਥਾਨ ਦਾ ਦੌਰਾ ਕਰਦਿਆਂ ਲੰਬਿਤ ਕੰਮ ਮੁਕੰਮਲ ਕਰਨ ਲਈ ਮੌਕੇ ‘ਤੇ ਹੀ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਲੋਕ ਸਭਾ ਮੈਂਬਰ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਇਸ ਸਿਵਲ ਹਵਾਈ ਅੱਡੇ ਨਾਲ ਨਾ ਸਿਰਫ਼ ਜਲੰਧਰ ਸਗੋਂ ਸਮੁੱਚੇ ਦੁਆਬਾ ਖੇਤਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ।