मेरा भारत NEWS

ਜਲੰਧਰ ਲੋਕ ਸਭਾ ਜਿਮਨੀ ਚੋਣ : ਈ.ਵੀ.ਐਮਜ਼ ਤੇ ਵੀ.ਵੀ.ਪੈਟ ਮਸ਼ੀਨਾਂ ਦੀ ਦੂਜੀ ਰੈਂਡਮਾਈਜ਼ੇਸ਼ਨ ਹੋਈ

ਵੋਟਿੰਗ ਮਸ਼ੀਨਾਂ ਦੀ ਬੂਥਵਾਰ ਵੰਡ ਲਈ ਜਨਰਲ ਅਬਜ਼ਰਵਰ, ਜ਼ਿਲ੍ਹਾ ਚੋਣ ਅਫ਼ਸਰ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ’ਚ ਨੇਪਰੇ ਚਾੜ੍ਹੀ ਗਈ ਪ੍ਰਕਿਰਿਆ

ਜਲੰਧਰ, (mera bharat news)

ਲੋਕ ਸਭਾ ਹਲਕੇ ਦੀ 10 ਮਈ ਨੂੰ ਹੋਣ ਜਾ ਰਹੀ ਜਿਮਨੀ ਚੋਣ ਵਿੱਚ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੋਟਰ ਵੇਰੀਫੀਏਬਲ ਪੇਪਰ ਆਡਿਟ ਟ੍ਰੇਲਜ਼ ਮਸ਼ੀਨਾਂ ਦੀ ਅੱਜ ਦੂਜੇ ਪੜਾਅ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ। ਸਮੁੱਚੀ ਪ੍ਰਕਿਰਿਆ ਨੂੰ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਡਾ. ਪ੍ਰੀਤਮ ਬੀ ਯਸ਼ਵੰਤ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਰਿੰਦਰਪਾਲ ਸਿੰਘ ਬਾਜਵਾ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨੁਮਾਇੰਦਿਆਂ ਅਤੇ ਉਮੀਦਵਾਰਾਂ ਦੀ ਮੌਜੂਦਗੀ ਵਿੱਚ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਮਨੀ ਚੋਣ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ 1972 ਪੋਲਿੰਗ ਸਟੇਸ਼ਨ ਬਣਾਏ ਹਨ। ਇਨ੍ਹਾਂ ਲਈ ਕੁੱਲ 4696 ਬੈਲੇਟ ਯੂਨਿਟਾਂ ਅਤੇ 2765 ਕੰਟਰੋਲ ਯੂਨਿਟਾਂ ਅਤੇ 2765 ਵੋਟਰ ਵੇਰੀਫੀਏਬਲ ਪੇਪਰ ਆਡਿਟ ਟ੍ਰੇਲਜ਼ (ਵੀ.ਵੀ.ਪੈਟਸ) ਦੀ ਬੂਥਵਾਰ ਵੰਡ ਲਈ ਰੈਂਡਮਾਈਜ਼ੇਸ਼ਨ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ 40-40 ਫੀਸਦੀ ਬੈਲੇਟ ਯੂਨਿਟ, ਕੰਟਰੋਲ ਯੂਨਿਟ ਅਤੇ ਵੀ.ਵੀ.ਪੈਟਸ ਰਾਖਵੇਂ ਰੱਖੇ ਗਏ ਹਨ, ਜੋ ਕਿ ਵੋਟਿੰਗ ਮਸ਼ੀਨ/ਵੀ.ਵੀ.ਪੈਟ ਦੀ ਖ਼ਰਾਬੀ ਦੀ ਸਥਿਤੀ ਵਿੱਚ ਵਰਤੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਵੋਟਿੰਗ ਮਸ਼ੀਨਾਂ ਦੀ ਤਿਆਰੀ ਦੀ ਪ੍ਰਕਿਰਿਆ ਇਕ ਮਈ ਤੋਂ ਆਰੰਭ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਰੈਂਡਮਾਈਜ਼ੇਸ਼ਨ ਦਾ ਉਦੇਸ਼ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣਾ ਹੈ, ਜਿਸ ਵਿੱਚ ਸਾਫਟਵੇਅਰ ਰਾਹੀਂ ਆਨਲਾਈਨ ਢੰਗ ਨਾਲ ਪੂਰੀ ਪਾਰਦਰਸ਼ਤਾ ਨਾਲ ਤੈਅ ਕੀਤਾ ਜਾਂਦਾ ਹੈ ਕਿਸ ਬੂਥ ’ਤੇ ਕਿਹੜੀ ਮਸ਼ੀਨ ਜਾਵੇਗੀ । ਚੋਣ ਪ੍ਰਕਿਰਿਆ ਨੂੰ ਅਮਨ-ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਦੀ ਵਚਨਬੱਧਤਾ ਦਹੁਰਾਉਂਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜਿਮਨੀ ਚੋਣ ਨੂੰ ਸ਼ਾਂਤੀਪੂਰਵਕ, ਨਿਰਪੱਖ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਚੋਣਾਂ ਸੁਚਾਰੂ ਢੰਗ ਨਾਲ ਕਰਵਾਉਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਰੈਂਡਮਾਈਜ਼ੇਸ਼ਨ ਦੌਰਾਨ ਸਾਫ਼ਟਵੇਅਰ ਰਾਹੀਂ ਜਨਰੇਟ ਹੋਈਆਂ ਸੂਚੀਆਂ ਉਮੀਦਵਾਰਾਂ/ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਸਪਲਾਈ ਕੀਤੀਆਂ ਗਈਆਂ, ਜਿਨ੍ਹਾਂ ਮੁਤਾਬਕ ਹਲਕਾਵਾਰ ਈ.ਵੀ.ਐਮਜ਼/ਵੀ.ਵੀ.ਪੈਟਸ ਤਿਆਰ ਕੀਤੀਆਂ ਜਾਣਗੀਆਂ।