ਭਗਤ ਸਿੰਘ ਦੇ ਜਨਮ ਦਿਨ ਮੌਕੇ ਜਵਾਨੀ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਪੁੱਜਣ ਦਾ ਸੱਦਾ
ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ 25 ਸਾਲਾ ਇਤਿਹਾਸ ਮੌਕੇ ਹੋਣਗੇ ਸਿਲਵਰ ਜੁਬਲੀ ਸਮਾਗਮ
ਜਲੰਧਰ 24 ਸਤੰਬਰ ( ) ਹਰ ਇੱਕ ਨੂੰ ਰੁਜ਼ਗਾਰ ਦੀ ਗਰੰਟੀ ਵਾਸਤੇ ਵਿੱਢੀ “ਰੁਜ਼ਗਾਰ ਪ੍ਰਾਪਤੀ ਮੁਹਿੰਮ” ਦੀ ਸਿਲਵਰ ਜੁਬਲੀ ਸਮਾਗਮ ਅਤੇ ਪਰਮਗੁਣੀ ਭਗਤ ਸਿੰਘ ਦੇ 115ਵੇਂ ਜਨਮ ਦਿਨ ਮੌਕੇ ਦੇਸ਼ਭਗਤ ਯਾਦਗਾਰ ਵਿਖੇ ਵਿਦਿਆਰਥੀਆਂ – ਨੌਜਵਾਨਾਂ ਵਲੋਂ ਵਲੰਟੀਅਰ ਸੰਮੇਲਨ ਅਤੇ ਕੀਤਾ ਜਾਵੇਗਾ।ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਥੇ ਨੌਜਵਾਨ ਅਤੇ ਵਿਦਿਆਰਥੀ ਆਪਣੇ ਮਹਿਬੂਬ ਹੀਰੋ ਨੂੰ ਇਨਕਲਾਬੀ ਜੋਸ਼ੋ ਖਰੋਸ਼ ਨਾਲ ਯਾਦ ਕਰਦਿਆਂ ਰੁਜ਼ਗਾਰ ਅਤੇ ਵਿੱਦਿਆ ਦੀ ਗਰੰਟੀ ਵਾਸਤੇ ਆਵਾਜ਼ ਬੁਲੰਦ ਕਰਨਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਕੌਮੀ ਗਰਲਜ਼ ਕਮੇਟੀ ਦੀ ਕਨਵੀਨਰ ਕਰਮਵੀਰ ਕੌਰ ਬੱਧਣੀ ਨੇ ਇੱਥੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਹਨਾਂ ਅੱਗੇ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ ਨੇ ਆਪਣੀ ਸ਼ੁਰੂਆਤ, ਬੇਰੁਜ਼ਗਾਰੀ ਵਿਰੁੱਧ ਜਵਾਨੀ ਨੂੰ ਲਾਮਬੰਦ ਕਰਨ ਲਈ, ‘ਰੁਜ਼ਗਾਰ ਪ੍ਰਾਪਤੀ ਚੇਤਨਾ ਮਾਰਚ’ ਰਾਹੀਂ ਪੰਜਾਬ ਦੇ ਹਜ਼ਾਰਾਂ ਪਿੰਡਾਂ ਵਿੱਚ ਹੋਕਾ ਦੇ ਕੇ ਕੀਤੀ ਸੀ। ਜਵਾਨੀ ਨੂੰ ਪੰਜਾਬ ਅੰਦਰ ਰੁਜ਼ਗਾਰ ਲਈ ਇੱਕਜੁੱਟ ਕਰਦਿਆਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ‘ਰੁਜ਼ਗਾਰ ਪ੍ਰਾਪਤੀ ਰੈਲੀ’ ਹਰ ਸਾਲ ਹੁਕਮਰਾਨਾਂ ਅੱਗੇ “ਰੁਜ਼ਗਾਰ” ਦਾ ਸਵਾਲ ਰੱਖਣ ਲੱਗੀ।ਇਸੇ ਮੁਹਿੰਮ ਨੇ ਬੇਰੁਜ਼ਗਾਰੀ ਦੇ ਪੱਕੇ ਹੱਲ ਲਈ 2014 ਤੋਂ ਦੇਸ਼ ਦੀ ਪਾਰਲੀਮੈਂਟ ਦੁਆਰਾ ਇੱਕ ਕਾਨੂੰਨ ਸਥਾਪਤ ਕਰਨ ਆਵਾਜ ਬੁਲੰਦ ਕਰਨ ਵਾਸਤੇ ਹੁਸੈਨੀ ਵਾਲਾ ਤੋਂ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ” (BNEGA) ਲਈ ਵਿਆਪਕ ਲਹਿਰ ਸ਼ੁਰੂ ਕੀਤੀ। ਇਸ ਕਾਨੂੰਨ ਤਹਿਤ ਅਣ-ਸਿੱਖਿਅਤ 20000, ਅਰਧ-ਸਿੱਖਿਅਤ ਲਈ 25000, ਸਿੱਖਿਅਤ ਲਈ 30000 ਅਤੇ ਉੱਚ-ਸਿੱਖਿਅਤ ਲਈ 35000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਜਾਂ ਜੇਕਰ ਰੁਜ਼ਗਾਰ ਨਹੀਂ ਤਾਂ ਉਪਰੋਕਤ ਤਨਖ਼ਾਹ ਦਾ ਦਰਜਾਵਾਰ ਅੱਧ ਪ੍ਰਤੀ ਮਹੀਨਾ ਪ੍ਰਾਪਤ ਕਰਨ ਵਾਸਤੇ ਦੇਸ਼ ਪੱਧਰ ਉੱਤੇ ਵੀ ਸਰਗਰਮੀ ਜਾਰੀ ਹੈ ਅਤੇ ਅੱਜ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ 25 ਸਾਲਾਂ ਦੇ ਸ਼ਾਨਦਾਰ ਇਤਿਹਾਸਕ ਸਿਲਵਰ ਜੁਬਲੀ ਦਿਹਾੜੇ ਮੌਕੇ ਇਸ ਸਿਧਾਂਤਕ ਇਨਕਲਾਬੀ ਪ੍ਰੋਗਰਾਮ ਨੂੰ ਲਾਗੂ ਕਰਵਾਉਣ ਲਈ ਰਣਨੀਤੀ ਉਲੀਕੀ ਜਾਵੇਗੀ।
ਇਸ ਵਾਰ ਚੌਣਾਵੀ ਮਾਹੌਲ ਵਿੱਚ ਵੀ ਹਰ ਰਾਜਨੀਤਕ ਧਿਰ ਨੂੰ ਰੁਜ਼ਗਾਰ ਦੇ ਮੁੱਦੇ ਉੱਤੇ ਕੋਈ ਸਬਜ਼ਬਾਗ ਜਾਂ ਲਾਰਿਆਂ ਦੀ ਥਾਂ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਸਥਾਪਤ ਕਰਵਾਉਣ ਲਈ ਸਰਗਰਮੀਆਂ ਹੋਣਗੀਆਂ।
ਆਗੂਆਂ ਨੇ ਇਹ ਵੀ ਕਿਹਾ ਕਿ ਬਾਕੀ ਮਹਿਕਮਿਆਂ ਸਮੇਤ ਵਿੱਦਿਆ ਦਾ ਨਿੱਜੀਕਰਨ ਕਰਕੇ ਜਿੱਥੇ ਲੋਕਾਂ ਦੀ ਖੁੱਲੀ ਲੁੱਟ ਕੀਤੀ ਜਾ ਰਹੀ ਹੈ, ਓਥੇ ਕਾਰਪੋਰੇਟ ਘਰਾਣੇ ਅੰਨ੍ਹੀ ਲੁੱਟ ਕਰਕੇ ਦੇਸ਼ ਦੇ ਰਾਜਨੀਤਕ ਤਾਣੇਬਾਣੇ ਨੂੰ ਗੁਲਾਮ ਬਣਾ ਰਹੇ ਹਨ। ਇਹ ਗੁਲਾਮ ਹੋਇਆ ਰਾਜਨੀਤਕ ਤਾਣਾਬਾਣਾ ਧੜਾਧੜ ਲੋਕ ਵਿਰੋਧੀ ਕਾਨੂੰਨ ਬਣਾ ਰਿਹਾ ਹੈ।
ਪ੍ਰੈਸ ਕਾਨਫਰੰਸ ਦੌਰਾਨ ਆਗੂਆਂ ਨੇ ਇਹ ਵੀ ਕਿਹਾ ਖੇਤੀ ਮਾਰੂ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਅਤੇ ਸਾਂਝੀ, ਸਹਿਯੋਗੀ, ਲਾਹੇਵੰਦ ਖੇਤੀ ਨੀਤੀ ਅੱਜ ਦੀ ਅਣਸਰਦੀ ਲੋੜ ਹੈ।
ਆਗੂਆਂ ਨੇ ਪ੍ਰੈਸ ਵਾਰਤਾ ਰਾਹੀਂ ਮੰਗ ਕਰਦਿਆਂ ਕਿਹਾ ਕਿ ਜਲ੍ਹਿਆਂ ਵਾਲਾ ਬਾਗ਼ ਸਮੇਤ ਪੰਜਾਬ ਵਿਚਲੀਆਂ ਸਭ ਇਤਿਹਾਸਕ ਯਾਦਗਾਰਾਂ ਦੀ ਮੂਲ ਰੂਪ ਵਿੱਚ ਸੰਭਾਲ ਹੋਣੀ ਚਾਹੀਦੀ ਹੈ ਅਤੇ ਇਹਨਾਂ ਨਾਲ ਛੇੜਛਾੜ ਕਰਕੇ, ‘ਪਿਕਨਿਕ’ ਸਥਾਨਾਂ ‘ਚ ਬਦਲਣ ਵਾਲਿਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ, ਕਸੂਰਵਾਰ ਚਾਹੇ ਕੋਈ ਪ੍ਰਧਾਨ ਮੰਤਰੀ ਹੀ ਕਿਉਂ ਨਾ ਹੋਵੇ।
ਇਸ ਮੌਕੇ ਉਹਨਾਂ ਨਾਲ ਤਿਆਰੀ ਕਮੇਟੀ ਦੇ ਕਨਵੀਨਰ ਐਡਵੋਕੇਟ ਰਾਜਿੰਦਰ ਮੰਡ, ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ, ਸੀਨੀਅਰ ਮੀਤ ਪ੍ਰਧਾਨ ਚਰਨਜੀਤ ਛਾਂਗਾਰਾਏ ਹਾਜ਼ਰ ਸਨ।