ਸਿਲੰਡਰਾਂ ਵਿਚੋਂ ਗੈਸ ਚੋਰੀ ਕਰਨ ਦੇ ਚੱਕਰ ’ਚ ਭਗਤ ਸਿੰਘ ਕਾਲੋਨੀ ਵਿਚ ਤਬਾਹ ਹੋਏ ਕਈ ਆਸ਼ੀਆਨੇ
ਜਲੰਧਰ/ਵਿਕਾਸ ਮੋਦਗਿਲ : ਜਲੰਧਰ ਅੰਮਿ੍ਰਤਸਰ ਮਾਰਗ ’ਤੇ ਪੈਂਦੇ ਬਾਈਪਾਸ ਨੇੜੇ ਭਗਤ ਸਿੰਘ ਕਾਲੋਨੀ ਦੇ ਨਾਲ ਲਗਦੀਆਂ ਝੁੱਗੀਆਂ ਝੋਂਪੜੀਆਂ ਵਿਚ ਸਵੇਰੇ 9.40 ਦੇ ਕਰੀਬ ਗੈਸ ਸਿੰਲਡਰ ਫਟਣ ਨਾਲ ਅੱਗ ਲੱਗ ਗਈ। ਅੱਗ ਲੱਗਣ ਦੌਰਾਨ ਕਈ ਵਾਰ ਧਮਾਕੇ ਹੋਏ। ਦੱਸਿਆ ਜਾ ਰਿਹਾ ਹੈ ਕਿ ਇਥੇ ਗੈਸ ਫੀਲਿੰਗ ਹੋ ਰਹੀ ਸੀ। 30 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ। ਝੁੱਗੀਆਂ ਵਿਚ ਸੱਤ ਤੋਂ ਅੱਠ ਗੈਸ ਸਿਲੰਡਰ ਫਟਣ ਦੀ ਸੂਚਨਾ ਹੈ। ਮੌਕੇ ‘ਤੇ ਪਹੁੰਚੀਆਂ 6 ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਸੂਤਰਾਂ ਮੁਤਾਬਿਕ ਇਨ੍ਹਾਂ ਝੁੱਗੀਆਂ-ਝੋਂਪੜੀਆਂ ਵਿਚ ਆਮ ਗ੍ਰਾਹਕਾਂ ਨੂੁੰ ਸਪਲਾਈ ਹੋਣ ਵਾਲੇ ਸਿਲੰਡਰਾਂ ਵਿਚੋਂ ਗੈਸ ਚੋਰੀ ਕਰਕੇ ਦੂਜੇ ਸਿਲੰਡਰਾਂ ਵਿਚ ਭਰਦੇ ਸਨ। ਅੱਜ ਹਾਦਸੇ ਦੇ ਦੌਰਾਨ ਇਕ ਚਸ਼ਮਦੀਦ ਨੇ ਦਸਿਆ ਕਿ ਕਈ ਵਾਰ ਗੈਸ ਸਿਲੰਡਰ ਵਿਚੋਂ ਗੈਸ ਚੋਰੀ ਕਰਨ ਵਾਲਿਆਂ ਨੂੰ ਰੋਕਿਆ ਗਿਆ ਸੀ, ਪਰ ਉਹ ਨਹੀਂ ਰੁਕੇ। ਜਿਸ ਕਾਰਨ ਅੱਜ ਇਨ੍ਹਾ ਵੱਡਾ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਚਾਰੋਂ ਪਾਸੇ ਅੱਗ ਅਤੇ ਧੂੁੰਆਂ ਫੈਲ ਗਿਆ। ਇਸ ਹਾਦਸੇ ਵਿਚ 2 ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਦੀ ਪਹਿਚਾਣ ਸ਼ਨਿਚਰੀ ਦੇਵੀ ਅਤੇ ਲਖਨ ਮਹਿਤੋ ਵਜੋਂ ਹੋਈ ਹੈ। ਫਿਲਹਾਲ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇੱਥੇ ਗੈਸ ਸਿਲੰਡਰਾਂ ਵਿਚੋਂ ਚੋਰੀ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਅਪਰਾਧੀਆਂ ’ਤੇ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ? ਸੂਤਰਾਂ ਮੁਤਾਬਿਕ ਕਰੀਬ 7 ਸਿਲੰਡਰਾਂ ਵਿਚ ਇਕਦਮ ਵਿਸਫੋਟ ਹੋਇਆ।