‘ਹਵਾ ਜ਼ਰੀਏ ਫੈਲਦਾ ਹੈ ਕੋਰੋਨਾ’
ਨਵੀਂ ਦਿੱਲੀ, 16 ਅਪ੍ਰੈਲ -ਸਿਹਤ ਬਾਰੇ ਖੋਜ ਕਰਨ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਮੈਡੀਕਲ ਜਰਨਲ ਲੈਂਸੇਟ ਨੇ ਹਵਾ ਜ਼ਰੀਏ ਤੇਜ਼ੀ ਨਾਲ ਕੋਰੋਨਾ ਮਹਾਂਮਾਰੀ ਫੈਲਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਕੋਲ ਹਵਾ ਨਾਲ ਵਾਇਰਸ ਦੇ ਫੈਲਣ ਦੇ ਪੁਖਤਾ ਸਬੂਤ ਹਨ | ਬਰਤਾਨੀਆ, ਅਮਰੀਕਾ ਤੇ ਕੈਨੇਡਾ ਦੇ 6 ਮਾਹਿਰਾਂ ਨੇ ਹਵਾ ਨੂੰ ਵਾਇਰਸ ਫੈਲਾਉਣ ਦੀ ਵੱਡੀ ਵਜ੍ਹਾ ਦੱਸਦਿਆਂ ਕਿਹਾ ਹੈ ਕਿ ਇਸੇ ਲਈ ਲਾਗ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਾਅ ਕੰਮ ਨਹੀਂ ਕਰ ਰਹੇ | ਅਮਰੀਕਾ ਦੀ ਕੋਲੋਰਾਡੋ ਬੋਲਡਰ ਯੂਨੀਵਰਸਿਟੀ ਦੇ ਜੋਸੋ-ਲੂਈਸ ਜਿਮੇਨੇਜ਼ ਨੇ ਵਿਸ਼ਵ ਸਿਹਤ ਸੰਗਠਨ ਤੇ ਹੋਰ ਸਿਹਤ ਏਜੰਸੀਆਂ ਨੂੰ ਹਵਾ ਰਾਹੀਂ ਫੈਲ ਰਹੇ ਵਾਇਰਸ ਨੂੰ ਰੋਕਣ ਲਈ ਇਸ ਲਾਗ ਦੇ ਫੈਲਣ ਦੇ ਮੰਨੇ ਜਾਂਦੇ ਕਾਰਨਾਂ ‘ਚ ਬਦਲਾਅ ਕਰਨ ਲਈ ਕਿਹਾ ਹੈ | ਇਸ ਦੇ ਨਾਲ ਹੀ ਮਾਹਿਰਾਂ ਨੇ ਖੁੱਲੇ ਸਥਾਨਾਂ ਦੀ ਬਜਾਏ ਬੰਦ ਸਥਾਨਾਂ ‘ਤੇ ਵਾਇਰਸ ਦੇ ਤੇਜ਼ੀ ਨਾਲ ਫੈਲਣ ਦਾ ਦਾਅਵਾ ਕੀਤਾ ਹੈ |