ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਸੀਨੀਅਰ ਪੱਤਰਕਾਰ ਐਸ.ਕੇ.ਵਿਆਸ (78) ਜਿਨਾਂ ਦਾ ਟੈਗੌਰ ਹਸਪਤਾਲ ਵਿਖੇ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹ ਆਪਣੇ ਪਿਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ।
ਸ਼ੌਕ ਸੰਦੇਸ਼ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਵ : ਸ੍ਰੀ ਵਿਆਸ ਨੇਕ ਦਿਲ ਤੇ ਸੂਝਵਾਨ ਪੱਤਰਕਾਰ ਸਨ ਜੋ ਆਪਣੇ ਕਿੱਤੇ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ ਅਤੇ ਉਨ੍ਹਾਂ ਨੇ ਕੋਵਿਡ ਮਹਾਂਮਾਰੀ ਦੇ ਦੌਰਾਨ ਨਿਧੜਕ ਹੋ ਕੇ ਆਪਣੀ ਡਿਊਟੀ ਨੂੰ ਨਿਭਾਇਆ। ਸ੍ਰੀ ਥੋਰੀ ਨੇ ਸ੍ਰੀ ਵਿਆਸ ਦੇ ਪਰਿਵਾਰ ਨੂੰ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦਾ ਭਰੋਸਾ ਦੁਆਇਆ ਗਿਆ।
ਦੁੱਖੀ ਪਰਿਵਾਰਿਕ ਮੈਂਬਰਾਂ,ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬੱਲ ਬਖ਼ਸਣ ਅਤੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਪੱਤਰਕਾਰ ਐਸ.ਕੇ.ਵਿਆਸ ਦੇ ਇਲਾਜ ਲਈ ਹਸਪਤਾਲ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਸਨ ਉਨਾਂ ਦੀ ਸਿਹਤਯਾਬੀ ਸਬੰਧੀ ਰੋਜ਼ਾਨਾ ਅਪਡੇਟ ਲੈਂਦੇ ਸਨ।
ਜ਼ਿਕਰਯੋਗ ਹੈ ਕਿ ਐਸ.ਕੇ.ਵਿਆਸ, ਸੂਚਨਾ ਤੇ ਲੋਕ ਸੰਪਰਕ ਵਿਭਾਗ ਤੋਂ ਯੈਲੋ ਕਾਰਡ ਧਾਰਕ ਪੱਤਰਕਾਰ ਸਨ। ਉਹ ਡਿਜ਼ੀਟਲ ਨਿਊਜ ਬਾਬੂਸ਼ਾਹੀ ਡਾਟ ਕਾਮ ਦੇ ਪੱਤਰਕਾਰ ਸਨ।