ਕਰੋਨਾ ਦੇ ਮੱਦੇਨਜ਼ਰ ਸਰਕਾਰ ਵੱਲੋਂ ਲਾਈ ਗਈ ਤਾਲਾਬੰਦੀ ਦੌਰਾਨ ਕੁਝ ਹੋਰ ਦੁਕਾਨਾਂ ਨੂੰ ਖੋਲ੍ਹਣ ਦੀ ਮਿਲੀ ਪ੍ਰਵਾਨਗੀ ਤੋਂ ਬਾਅਦ ਵੱਖ ਵੱਖ ਇਲਾਕਿਆਂ ਵਿੱਚ ਕਰਿਆਨਾ, ਡੇਅਰੀ ਵਸਤਾਂ, ਦਵਾਈਆਂ ਦੀਆਂ ਦੁਕਾਨਾਂ, ਮੋਬਾਈਲ ਰਿਪੇਅਰ, ਖਾਦਾਂ ਤੇ ਬੀਜਾਂ ਦੀਆਂ ਦੁਕਾਨਾਂ, ਆਟੋ ਰਿਪੇਅਰ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ, ਜਿਸ ਕਾਰਨ ਸੜਕਾਂ ’ਤੇ ਮੁੜ ਲੋਕਾਂ ਦੀ ਭੀੜ ਦਿਖਾਈ ਦੇਣ ਲੱਗ ਪਈ ਹੈ।
ਸ਼ਨਿਚਰਵਾਰ ਤੋਂ ਲੱਗੀ ਤਾਲਾਬੰਦੀ ਦੌਰਾਨ ਅੱਜ ਪਹਿਲੇ ਦਿਨ ਸੜਕਾਂ ’ਤੇ ਮੁੜ ਵਧੇਰੇ ਆਵਾਜਾਈ ਦਿਖਾਈ ਦਿੱਤੀ। ਕਰੋਨਾ ਦੇ ਕੇਸਾਂ ਵਿੱਚ ਵਾਧਾ ਹੋਣ ਤੋਂ ਬਾਅਦ ਸਰਕਾਰ ਵੱਲੋਂ ਤਾਲਾਬੰਦੀ ਕੀਤੀ ਗਈ ਸੀ ਪਰ ਦੋ ਦਿਨ ਬਾਅਦ ਹੀ ਕੁਝ ਹੋਰ ਦੁਕਾਨਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਗੈਰ ਜ਼ਰੂਰੀ ਸਾਮਾਨ ਵਾਲੀਆਂ ਦੁਕਾਨਾਂ ਦੇ ਮਾਲਕਾਂ ਨੇ ਵੀ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਦੁਕਾਨਾਂ ਨੂੰ ਵੀ ਰੋਟੇਸ਼ਨ ’ਤੇ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਜਾਵੇ।
ਇਸ ਦੌਰਾਨ ਅੱਜ ਨਹਿਰੂ ਸ਼ਾਪਿੰਗ ਕੰਪਲੈਕਸ ਵਿੱਚ ਦੁਕਾਨਦਾਰਾਂ ਦੇ ਕਰੋਨਾ ਟੈਸਟ ਕੀਤੇ ਜਾਣ ਤੋਂ ਬਾਅਦ ਇੱਥੇ ਦੁਕਾਨਾਂ ਖੁੱਲ੍ਹ ਗਈਆਂ ਹਨ। ਸ਼ਹਿਰ ਵਿੱਚ ਚੱਲਦੀ ਮੈਟਰੋ ਬੱਸ ਸੇਵਾ ਵੀ ਚੱਲ ਰਹੀ ਹੈ। ਤਾਲਾਬੰਦੀ ਕਾਰਨ ਦੁਕਾਨਾਂ ਆਦਿ ਬੰਦ ਹੋਣ ਕਾਰਨ ਇਨ੍ਹਾਂ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ਨਾਮਾਤਰ ਹੈ ਪਰ ਸਰਕਾਰ ਵੱਲੋਂ ਇਨ੍ਹਾਂ ਨੂੰ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਮਜੀਠਾ ਰੋਡ ’ਤੇ ਪੁਲੀਸ ਵੱਲੋਂ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਦੇ ਮਾਲਕਾਂ ਨੂੰ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਬਾਰੇ ਆਖਿਆ ਗਿਆ ਹੈ।
ਦੂਜੇ ਪਾਸੇ ਪੁਲੀਸ ਵੱਲੋਂ ਕਰੋਨਾ ਨਿਯਮਾਂ ਦੀ ਉਲੰਘਣਾ ਕਰ ਕੇ ਦੁਕਾਨਾਂ ਖੋਲ੍ਹਣ ਵਾਲਿਆਂ ਖਿਲਾਫ਼ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਗਿਆਨੀ ਟੀ ਸਟਾਲ ਤੋਂ ਇਲਾਵਾ ਅਵਤਾਰ ਮੋਟਰਜ਼, ਸਾਬੀ ਆਟੋ ਮੋਬਾਈਲ, ਸਿੰਘ ਮੋਟਰ ਗੈਰਾਜ, ਗੁਰੂ ਨਾਨਕ ਟੂਰ ਐਂਡ ਟਰੈਵਲ, ਪੰਚ ਰਤਨ, ਸੁਨੀਲ ਸਪੇਅਰ ਪਾਰਟਸ, ਅਜੀਤ ਆਟੋ ਰਿਪੇਅਰ ਤੇ ਹੋਰ ਦੁਕਾਨਾਂ ਸ਼ਾਮਲ ਹਨ। ਇਸੇ ਤਰ੍ਹਾਂ ਕੁਝ ਜਿੰਮ ਖੋਲ੍ਹਣ ਵਾਲਿਆਂ ਖਿਲਾਫ਼ ਵੀ ਕੇਸ ਦਰਜ ਕੀਤੇ ਗਏ ਹਨ।