ਹਰਿਆਣਾ ਦੀ ਤਰਜ਼ ਤੇ ਪੰਜਾਬ ਸਰਕਾਰ ਵੀ ਸਕੂਲ ਖੋਲ੍ਹਣ ਦਾ ਲਏ ਫ਼ੈਸਲਾ-ਰਾਸਾ
ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਲਿਖਿਆ ਪੱਤਰ।
ਪੰਜਾਬ ਰੈਕੋਗਨਾਈਜ਼ਡ ਅਤੇ ਐਫੀਲਿਏਟਡ ਸਕੂਲਜ਼ ਐਸੋਸ਼ੀਏਸ਼ਨ ਪੰਜਾਬ ਰਾਸਾ ਨੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਅਤੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਦਾ ਬੋਧਿਕ, ਸਰੀਰਿਕ ਅਤੇ ਮਾਨਸਿਕ ਪੱਧਰ ਲੰਬਾ ਸਮਾਂ ਸਕੂਲ ਬੰਦ ਰਹਿਣ ਕਾਰਣ ਖ਼ਤਰਨਾਕ ਹੱਦ ਤੱਕ ਨਸ਼ਟ ਹੋਣ ਦੀ ਸਥਿਤੀ ਵਿੱਚ ਪਹੁੰਚ ਚੁੱਕਾ ਹੈ, ਜੋ ਕਿ ਪੰਜਾਬ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰ ਦੇਵੇਗਾ।ਇਸ ਲਈ ਲੋੜ ਹੈ ਕਿ ਗੁਆਂਢੀ ਰਾਜ ਹਰਿਆਣਾ ਦੀ ਤਰਜ਼ ਤੇ ਜਲਦੀ ਤੋਂ ਜਲਦੀ ਪੜਾਅਵਾਰ ਸਕੂਲ ਖੋਲ੍ਹਣ ਦਾ ਫ਼ੈਸਲਾ ਲਿਆ ਜਾਵੇ।ਸਾਂਝੇ ਪ੍ਰੈੱਸ ਬਿਆਨ ਵਿੱਚ ਰਾਸਾ ਪੰਜਾਬ ਦੇ ਚੇਅਰਮੈਨ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਪ੍ਰਧਾਨ ਡਾ:ਰਵਿੰਦਰ ਸਿੰਘ ਮਾਨ, ਜਨਰਲ ਸਕੱਤਰ ਸ੍ਰੀ:ਸੁਜੀਤ ਸ਼ਰਮਾ ਬਬਲੂ, ਡਾ:ਰਵਿੰਦਰ ਸ਼ਰਮਾ, ਸ:ਸੁਖਵਿੰਦਰ ਸਿੰਘ ਭੱਲਾ, ਸ:ਸਕੱਤਰ ਸਿੰਘ ਸੰਧੂ ਅਤੇ ਸ੍ਰੀ:ਜਗਤਪਾਲ ਮਹਾਜਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਵਿਦਿਆਰਥੀ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਸਕੂਲਾਂ ਨੂੰ ਛੱਡ ਬਾਕੀ ਹਰ ਜਗ੍ਹਾਂ ਤੇ ਜਾ ਰਹੇ ਹਨ। ਹਰਿਆਣਾ ਸਰਕਾਰ ਨੇ ਵੀ 16 ਅਤੇ 23 ਜੁਲਾਈ ਤੋਂ ਪੜਾਅਵਾਰ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ। ਅਜਿਹੇ ਵਿੱਚ ਪੰਜਾਬ ਦੇ ਸਕੂਲ ਬੰਦ ਰੱਖਣੇ ਤਰਕਹੀਣ ਅਤੇ ਵਿਦਿਆਰਥੀਆਂ ਦੀ ਬੌਧਿਕ, ਸਰੀਰਿਕ ਅਤੇ ਮਾਨਸਿਕ ਸਿਹਤ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਉਹਨਾਂ ਕਿਹਾ ਸ਼ਾਇਦ ਇਸ ਪਿੱਛੇ ਸਰਕਾਰ ਦੇ ਕੁੱਝ ਸੌੜੇ ਹਿਤ ਹੋਣ, ਪਰ ਸਰਕਾਰ ਨੂੰ ਹੁਣ ਵਿਦਿਆਰਥੀਆਂ ਅਤੇ ਸੂਬੇ ਦੇ ਭਵਿੱਖ ਦੇ ਭਲੇ ਲਈ ਸਕੂਲ ਖੋਲ੍ਹਣ ਦਾ ਫ਼ੈਸਲਾ ਤੁਰੰਤ ਲੈਣਾ ਜ਼ਰੂਰੀ ਹੈ।ਵਿਦਿਆਰਥੀਆਂ ਦੇ ਮਾਪੇ ਵੀ ਉਹਨਾਂ ਨੂੰ ਸਕੂਲ ਭੇਜਣ ਲਈ ਕਾਹਲੇ ਹਨ ਅਤੇ ਸਕੂਲਾਂ ਤੇ ਦਬਾਅ ਬਣਾ ਰਹੇ ਹਨ ਕਿ ਸਰਕਾਰ ਨੂੰ ਸਕੂਲ ਖੋਲ੍ਹਣ ਕਈ ਕਿਹਾ ਜਾਵੇ। ਉਹ ਸਰਕਾਰ ਦੇ ਅਜੇ ਤੱਕ ਸਕੂਲ ਖੋਲ੍ਹਣ ਬਾਰੇ ਵੱਟੀ ਚੁੱਪ ਤੋਂ ਬੇਹੱਦ ਖ਼ਫਾ ਹਨ।ਅਜਿਹਾ ਨਾ ਹੋਵੇ ਕਿ 2022 ਦੀਆਂ ਚੋਣਾਂ ਵਿੱਚ ਅਜਿਹੇ ਗਲ਼ਤ ਫ਼ੈਸਲੇ ਸਰਕਾਰ ਦੇ ਗਲੇ ਦੀ ਹੱਡੀ ਬਣ ਜਾਣ।ਉਹਨਾਂ ਕਿਹਾ ਕਿ ਜੇਕਰ ਇਸ ਸੰਬੰਧੀ ਸਰਕਾਰ ਤੁਰੰਤ ਕੋਈ ਫ਼ੈਸਲਾ ਨਹੀਂ ਲੈਂਦੀ ਹੈ ਤਾਂ ਸਰਕਾਰ ਦੀਆਂ ਵਿੱਦਿਆ ਨੂੰ ਤਬਾਹ ਕਰਨ ਦੀਆਂ ਨੀਤੀਆਂ ਨੂੰ ਪੰਜਾਬ ਦੇ ਲੋਕਾਂ ਦੇ ਸਾਹਮਣੇ ਲਿਆਉਣ ਲਈ ਰਾਸਾ ਵੱਲੋਂ ਪੰਜਾਬ ਪੱਧਰ ਤੇ ਪ੍ਰੋਗਰਾਮ ਉਲੀਕੇ ਜਾਣਗੇ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ:ਚਰਨਜੀਤ ਸਿੰਘ ਪਾਰੋਵਾਲ, ਸ:ਜਗਜੀਤ ਸਿੰਘ, ਸ:ਬਲਕਾਰ ਸਿੰਘ, ਸ:ਹਰਜੀਤ ਸਿੰਘ ਬਰਾੜ, ਸ:ਸੁਖਮਿੰਦਰ ਸਿੰਘ , ਸ:ਕਮਲਜੋਤ ਸਿੰਘ ਕੋਹਲੀ, ਸ੍ਰੀ ਸੁਸ਼ੀਲ ਅਗਰਵਾਲ, ਪ੍ਰਿ: ਗੁਰਜੀਤ ਸਿੰਘ, ਸ:ਅਮਰਪ੍ਰੀਤ ਸਿੰਘ ਆਦਿ ਹਾਜ਼ਿਰ ਸਨ।