ਜਿਮਨੀ ਚੋਣਾਂ ਅਮਨ-ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ : ਡਿਪਟੀ ਕਮਿਸ਼ਨਰ
ਜਲੰਧਰ, ਮੇਰਾ ਭਾਰਤ ਨਿਊਜ਼:
ਲੋਕ ਸਭਾ ਹਲਕੇ ਦੀ 10 ਮਈ ਨੂੰ ਹੋਣ ਜਾ ਰਹੀ ਜਿਮਨੀ ਚੋਣ ਵਿੱਚ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੋਟਰ ਵੇਰੀਫੀਏਬਲ ਪੇਪਰ ਆਡਿਟ ਟਰੇਲ ਮਸ਼ੀਨਾਂ ਦੀ ਅੱਜ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਅਤੇ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਦੀ ਨਿਗਰਾਨੀ ਵਿੱਚ ਤਿਆਰੀ ਸ਼ੁਰੂ ਕਰਵਾਈ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ 1972 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਲਈ ਕੁੱਲ 4696 ਬੈਲਟ ਯੂਨਿਟ, 2765 ਕੰਟਰੋਲ ਯੂਨਿਟ ਅਤੇ 2765 ਵੀ.ਵੀ.ਪੈਟ ਮਸ਼ੀਨਾਂ ਦੀ ਤਿਆਰੀ ਦੀ ਪ੍ਰਕਿਰਿਆ ਆਰੰਭ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਬੂਥਵਾਰ ਵੰਡ ਲਈ ਈ.ਵੀ.ਐਮਜ਼ ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਦੂਜੇ ਪੜਾਅ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ ਸੀ, ਜਿਸ ਉਪਰੰਤ ਅੱਜ ਸਮੂਹ ਵਿਧਾਨ ਸਭਾ ਹਲਕਿਆਂ ਲਈ ਅਲਾਟ ਵੋਟਿੰਗ ਮਸ਼ੀਨਾਂ ਦੀ ਤਿਆਰੀ ਦੇ ਕਾਰਜ ਨੂੰ ਸ਼ੁਰੂ ਕਰਵਾਇਆ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫਿਲੌਰ, ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ) ਨਕੋਦਰ, ਸਰਕਾਰੀ ਕਾਲਜ ਸ਼ਾਹਕੋਟ, ਖਾਲਸਾ ਕਾਲਜ ਫਾਰ ਵੁਮੈਨ ਜਲੰਧਰ, ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ (ਪੁਰਾਣੀ ਬਿਲਡਿੰਗ) ਜਲੰਧਰ, ਦੋਆਬਾ ਕਾਲਜ ਜਲੰਧਰ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਅਤੇ ਕੇ.ਐਮ.ਵੀ. ਕਾਲਜ ਵਿਖੇ ਪ੍ਰੀ-ਪੋਲ ਈ.ਵੀ.ਐਮਜ਼. ਸਟਰਾਂਗ ਰੂਮ ਬਣਾਏ ਗਏ ਹਨ, ਜਿਥੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਪੂਰੀ ਸੁਰੱਖਿਆ ਹੇਠ ਵੋਟਿੰਗ ਮਸ਼ੀਨਾਂ ਦੀ ਤਿਆਰੀ ਦੇ ਕੰਮ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਵੋਟਿੰਗ ਮਸ਼ੀਨਾਂ ਦੀ ਤਿਆਰੀ ਦਾ ਮੁੱਖ ਉਦੇਸ਼ ਜਿਮਨੀ ਚੋਣ ਲਈ ਪੋਲਿੰਗ ਨੂੰ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਹਰੇਕ ਵਿਧਾਨ ਸਭਾ ਹਲਕੇ ਲਈ ਅਲਾਟ ਕੁੱਲ ਈ.ਵੀ.ਐਮਜ਼ ਅਤੇ ਵੀ.ਵੀ.ਪੈਟਸ ਵਿੱਚੋਂ ਰੈਂਡਮ ਢੰਗ ਨਾਲ ਚੁਣੀਆਂ 5 ਫੀਸਦੀ ਮਸ਼ੀਨਾਂ ’ਤੇ ਘੱਟ ਤੋਂ ਘੱਟ 1000 ਮੋਕ ਪੋਲ ਕਰਵਾਈ ਜਾਵੇ ਤਾਂ ਜੋ ਨਿਰਪੱਖ ਅਤੇ ਪਾਰਦਰਸ਼ੀ ਚੋਣ ਅਮਲ ਨੂੰ ਯਕੀਨੀ ਬਣਾਇਆ ਜਾ ਸਕੇ।
ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਦੀ ਵਚਨਬੱਧਤਾ ਦਹੁਰਾਉਂਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜਿਮਨੀ ਚੋਣਾਂ ਅਮਨ-ਅਮਾਨ, ਨਿਰਪੱਖ ਅਤੇ ਸੁਚੱਜੇ ਢੰਗ ਨਾਲ ਕਰਵਾਈਆਂ ਜਾਣਗੀਆਂ ਅਤੇ ਇਸ ਕੰਮ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਜ਼ਿਕਰਯੋਗ ਹੈ ਕਿ ਜਿਮਨੀ ਚੋਣ ਲਈ ਵੋਟਾਂ 10 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ ਗਿਣਤੀ 13 ਮਈ ਨੂੰ ਹੋਵੇਗੀ।