ਵਧੀਕ ਕਮਿਸ਼ਨਰ ਵਲੋਂ ਵੱਖ-ਵੱਖ ਅਧਿਕਾਰੀਆਂ/ਕਰਮਚਾਰੀਆਂ ਸਮੇਤ ਡੰਪ ਸਾਈਟਾਂ ਦਾ ਜਾਇਜਾ
ਜਲੰਧਰ, ਮੇਰਾ ਭਾਰਤ ਨਿਊਜ਼:
ਨਗਰ ਨਿਗਮ ਵਲੋਂ ਪਹਿਲਾਂ ਤੋਂ ਚਲਾਈ ਜਾ ਰਹੀ ਕੀਤੀ ਸਫਾਈ ਮੁਹਿੰਮ ਵਿੱਚ ਹੋਰ ਤੇਜੀ ਲਿਆਉਂਦਿਆਂ ਅੱਜ ਨਿਗਮ ਦੀਆਂ ਟੀਮਾਂ ਵਲੋਂ ਸ਼ਹਿਰ ਅੰਦਰ ਵੱਖ-ਵੱਖ ਡੰਪ ਸਾਈਟਾਂ ਤੋਂ ਕੂੜੇ ਦੀ ਲਿਫਟਿੰਗ ਕਰਵਾਕੇ ਸੰਬਧਤ ਅਮਲੇ ਨੂੰ ਰੋਜਾਨਾ ਸ਼ਹਿਰ ਦੀਆਂ ਸਾਰੀਆ 24 ਡੰਪ ਸਾਈਟਾਂ ਤੋਂ ਦੁਪਹਿਰ 1 ਵਜੇ ਤੱਕ ਲਿਫਟਿੰਗ ਕਰਵਾਕੇ ਸਾਈਟ ਦੀ ਸਫਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਡੰਪ ਸਾਈਟਾਂ ਦੀ ਸਮੇਂ ਸਿਰ ਮੁਕੰਮਲ ਸਫਾਈ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਨਿਗਮ ਦੀਆਂ ਟੀਮਾਂ ਨੂੰ ਹਰ ਲੋੜੀਂਦਾ ਸਹਿਯੋਗ ਅਤੇ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਹਰ ਰੋਜ਼ ਇਹ ਕਾਰਜ਼ ਮਿੱਥੇ ਸਮੇਂ ਅਨੁਸਾਰ ਪੂਰਾ ਕੀਤਾ ਜਾ ਸਕੇ। ਨਗਰ ਨਿਗਮ ਕੰਪਲੈਕਸ ਵਿਖੇ ਸੰਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਇਸ ਸਬੰਧੀ ਵਿਚਾਰ-ਵਟਾਂਦਰਾਂ ਕਰਨ ਉਪਰੰਤ ਅੱਜ ਵਧੀਕ ਕਮਿਸ਼ਨਰ ਸ਼ਿਖਾ ਭਗਤ ਨੇ ਨਿਗਮ ਸੁਪਰਡੈਂਟਾਂ, ਇੰਸਪੈਕਟਰਾਂ ਆਦਿ ਸਮੇਤ ਸ਼ਹਿਰ ਦੀਆਂ ਵੱਖ-ਵੱਖ ਡੰਪ ਸਾਈਟਾਂ ਦਾ ਦੌਰਾ ਕਰਕੇ ਕੂੜੇ ਦੀ ਲਿਫਟਿੰਗ ਪ੍ਰਕਿਰਿਆ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਸਾਈਟਾਂ 1 ਵਜੇ ਤੱਕ ਖਾਲੀ ਹੋ ਜਾਇਆ ਕਰਨਗੀਆਂ ਜਿਸ ਉਪਰੰਤ ਨਿਗਮ ਸਟਾਫ ਇਨ੍ਹਾਂ ਥਾਵਾਂ ਉੱਤੇ ਸਫਾਈ ਅਤੇ ਚੂਨੇ ਦੇ ਛਿੜਕਾਅ ਨੂੰ ਯਕੀਨੀ ਬਣਾਏਗਾ। ਵਧੀਕ ਕਮਿਸ਼ਨਰ ਨੇ ਦੱਸਿਆ ਕਿ ਸੋਮਵਾਰ ਨੂੰ ਸਰਕਾਰੀ ਛੁੱਟੀ ਅਤੇ ਚੋਣ ਡਿਊਟੀ ਦੇ ਬਾਵਜੂਦ ਨਗਰ ਨਿਗਮ ਦਾ ਅਮਲਾ ਫੀਲਡ ਵਿੱਚ ਰਿਹਾ ਅਤੇ ਇਨ੍ਹਾਂ ਡੰਪਾਂ ਦੀ ਸਮੇਂ ਸਿਰ ਸਫਾਈ ਯਕੀਨੀ ਬਣਾਈ ਜਿਹੜੀ ਕਿ ਆਉਂਦੇ ਸਮੇਂ ਵਿੱਚ ਵੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਜੇ.ਸੀ.ਬੀ. ਵਿੱਚ ਤਕਨੀਕੀ ਖਰਾਬੀ ਆ ਜਾਣ ਕਾਰਨ ਪ੍ਰਤਾਪ ਬਾਗ ਨੇੜੇ ਪੈਂਦੀ ਡੰਪ ਸਾਈਟ ਥੋੜੀ ਜਿਹੀ ਦੇਰੀ ਨਾਲ ਸਾਫ ਹੋਈ ਜਦਕਿ ਬਾਕੀ ਸਾਰੀਆਂ ਸਾਈਟਾਂ 1 ਵਜੇ ਤੋਂ ਪਹਿਲਾਂ ਸਾਫ ਹੋ ਚੁੱਕੀਆਂ ਸਨ।