ਚੰਡੀਗੜ੍ਹ :
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੀਰਵਾਰ ਨੂੰ ਬਾਦਲ ਪਿੰਡ ਵਿਚ ਭੋਗ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਉਣਗੇ। ਭਾਜਪਾ ਦੇ ਨੇਤਾ ਭਾਵੇਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰ ਰਹੀ ਹੋਵੇ ਪਰ ਬਾਦਲ ਦੇ ਦੇਹਾਂਤ ਤੋਂ ਬਾਅਦ ਜਿਸ ਤਰ੍ਹਾਂ ਨਾਲ ਭਾਜਪਾ ਨੇਤਾਵਾਂ ਨੇ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਤੋਂ ਲੈ ਕੇ ਬਾਦਲ ਪਿੰਡ ਤਕ ਸਰਗਰਮੀ ਦਿਖਾਈ ਹੈ, ਉਸ ਤੋਂ ਭਾਜਪਾ ਦੇ ‘ਇਨਕਾਰ’ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਬਾਦਲ ਦੇ ਦੇਹਾਂਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਤਕ ਸ਼ੋਕ ਪ੍ਰਗਟ ਕਰਨ ਲਈ ਚੰਡੀਗੜ੍ਹ ਤੇ ਬਾਦਲ ਪਿੰਡ ਜਾ ਚੁੱਕੇ ਹਨ। ਹੁਣ ਸ਼ਾਹ ਵੀ ਆ ਰਹੇ ਹਨ। ਭਾਜਪਾ ਦੇ ਰਾਸ਼ਟਰੀ ਪੱਧਰ ਦੇ ਨੇਤਾਵਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਇੰਨੇ ਨੇੜੇ ਜਾਣਾ ਅਤੇ ਭਵਿੱਖ ਵਿਚ ਕਿਸੇ ਤਰ੍ਹਾਂ ਦੇ ਗੱਠਜੋੜ ਤੋਂ ਇਨਕਾਰ ਕਰਨ ਨੂੰ ਕਾਂਗਰਸ ਦੇ ਨੇਤਾ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ।