ਮਰੀਜ਼ਾਂ ਦੇ ਸਾਹਾਂ ’ਤੇ ਵੀ ਚੋਰਾਂ ਦੀ ਨਜ਼ਰ
ਜਲੰਧਰ ਵਿਚ ਆਕਸੀਜਨ ਸਿਲੰਡਰਾਂ ਵਿਚੋਂ ਹੋ ਰਹੀ ਗੈਸ ਚੋਰੀ!
ਜਲੰਧਰ/ਬਿਊਰੋ: ਕੋਰੋਨਾ ਦੇ ਮਾਮਲੇ ਵਿਚ ਦਿਨੋ-ਦਿਨ ਵੱਧਦੇ ਹੀ ਜਾ ਰਹੇ ਹਨ ਅਤੇ ਪੂਰੇ ਦੇਸ਼ ਵਾਂਗ ਜਲੰਧਰ ਵਿਚ ਵੀ ਸਖਤੀ ਲਾਗੂ ਕੀਤੀ ਗਈ ਹੈ। ਸਖਤੀ ਦੇ ਤਹਿਤ ਨਾਈਟ ਕਰਫਿਊ ਨੂੰ ਰਾਤ 8 ਵਜੇ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ ਹੈ। ਇਸ ਕਰਫਿਊ ਦੇ ਕਾਰਨ ਆਮ ਦੁਕਾਨਦਾਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸੂਤਰਾਂ ਦੇ ਮੁਤਾਬਿਕ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਿਸ ਨੇ ਪੂਰੇ ਸ਼ਹਿਰ ਵਿਚ ਹੜਕੰਪ ਮਚਾ ਦਿੱਤਾ ਹੈ। ਹਾਲਾਂਕਿ ਇਸ ਜਾਣਕਾਰੀ ਦੀ ਅਧਿਕਾਰਿਤ ਪੁਸ਼ਟੀ ਨਹੀਂ ਹੋਈ, ਪਰ ਸੂਤਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਇਹ ਘੁਟਾਲਾ ਆਮ ਲੋਕਾਂ ਦੀ ਜ਼ਿੰਦਗੀ ’ਤੇ ਭਾਰੀ ਪੈ ਸਕਦਾ ਹੈ। ਜਲੰਧਰ ਦੇ ਕਈ ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਲਾਪਰਵਾਹੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਕੱਲ੍ਹ ਹੀ ਕੂਲ ਰੋਡ ਵਿਖੇ ਇਕ ਨਿੱਜੀ ਹਸਪਤਾਲ ਵਿਚ ਮਰੀਜ਼ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਦਾ ਆਰੋਪ ਹੈ ਕਿ ਆਕਸੀਜਨ ਦੀ ਕਮੀ ਦੀ ਵਜ੍ਹਾ ਦੇ ਨਾਲ ਮਰੀਜ਼ ਦੀ ਮੌਤ ਹੋ ਗਈ ਹੈ। ਹਾਲਾਂਕਿ ਸਟਾਫ ਇਸ ਆਰੋਪ ਨੂੰ ਪੂਰੀ ਤਰ੍ਹਾਂ ਨਕਾਰਦਾ ਰਿਹਾ ਹੈ। ਦੂਜੇ ਪਾਸੇ ਇਕ ਸਵਾਲ ਜਲੰਧਰ ਸ਼ਹਿਰ ਵਿਚ ਤੇਜ਼ੀ ਦੇ ਨਾਲ ਵਾਇਰਲ ਹੁੰਦਾ ਜਾ ਰਿਹਾ। ਇਹ ਸਵਾਲ ਹੈ ਕਿ ਜਿਵੇਂ ਰਸੋਈ ਗੈਸ ਸਿਲੰਡਰ ਵਿਚੋਂ ਗੈਸ ਚੋਰੀ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਕਿ ਆਕਸੀਜਨ ਗੈਸ ਸਿਲੰਡਰ ਵਿਚੋਂ ਵੀ ਆਕਸੀਜਨ ਚੋਰੀ ਕੀਤੀ ਜਾ ਰਹੀ ਹੈ। ਮੀਡਿਆ ਰਿਪੋਰਟਾਂ ਦੇ ਮੁਤਾਬਿਕ ਹਰ ਆਕਸੀਜਨ ਗੈਸ ਸਿਲੰਡਰ ਦੀ ਵਾਲਿਉਮ 7 ਕਿÎਊਬਿਕ ਮੀਟਰ ਅਤੇ ਪ੍ਰੈਸ਼ਰ 145-150 ਦੇ ਵਿਚਕਾਰ ਹੋਣਾ ਚਾਹੀਦਾ ਹੈ। ਪਰ ਜਲੰਧਰ ਦਰਪਣ ਦੀ ਟੀਮ ਵਲੋਂ ਕੀਤੀ ਗਈ ਜਾਂਚ ਦੇ ਦੌਰਾਨ ਪ੍ਰੈਸ਼ਰ 90 ਤੋਂ 100 ਹੀ ਮਿਲਿਆ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਗੈਸ ਘੱਟ ਮਾਤਰਾ ਵਿਚ ਸਿਲੰਡਰ ਵਿਚ ਮੌਜੂਦ ਹੈ। ਇਸ ਤੋਂ ਇਲਾਵਾ ਜੋ ਗੈਸ ਮਰੀਜ਼ ਨੂੰ ਬਚਾਉਣ ਲਈ ਵਰਤੀ ਜਾਂਦੀ ਹੈ ਉਸ ਦੀ ਕੁਆਲਿਟੀ ਅਤੇ ਮਾਤਰਾ ਕਈ ਪੱਧਰਾਂ ’ਤੇ ਜਾਂਚ ਹੋਣੀ ਹੁੰਦੀ ਹੈ, ਪਰ ਇਹ ਜਾਂਚ ਹੋਈ ਜਾਂ ਨਹੀਂ ਇਹ ਵੀ ਇਕ ਵੱਡਾ ਸਵਾਲ ਹੈ।
ਕਈ ਹਸਪਤਾਲਾਂ ਦੇ ਸਟਾਫ ਨੂੰ ਆਕਸੀਜਨ ਮਾਪਣ ਦਾ ਪਤਾ ਹੀ ਨਹੀਂ
ਜਾਂਚ ਦੌਰਾਨ ਪਤਾ ਲੱਗਾ ਕਿ ਜਲੰਧਰ ਦੇ ਕਈ ਹਸਪਤਾਲ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਦੇ ਕਈ ਸਟਾਫ ਮੈਂਬਰਾਂ ਨੂੰ ਇਹੀ ਨਹੀਂ ਪਤਾ ਕਿ ਆਕਸੀਜਨ ਗੈਸ ਸਿਲੰਡਰ ਵਿਚ ਗੈਸ ਨੂੰ ਕਿਸ ਤਰ੍ਹਾਂ ਮਾਪਣਾ ਹੈ। ਜੇ ਉਨ੍ਹਾਂ ਨੂੁੰ ਪਤਾ ਹੀ ਨਹੀਂ ਤਾਂ ਉਹ ਕਿਸ ਤਰ੍ਹਾਂ ਦੱਸ ਸਕਦੇ ਹਨ ਕਿ ਗੈਸ ਘੱਟ ਹੈ ਜਾਂ ਵੱਧ?
ਕਈ ਸਿਲੰਡਰਾਂ ਦੇ ਮੀਟਰ ਟੁੱਟੇ
ਜਾਂਚ ਦੌਰਾਨ ਪਤਾ ਲੱਗਾ ਕਿ ਕਈ ਸਿਲੰਡਰਾਂ ਦੇ ਤਾਂ ਮੀਟਰ ਹੀ ਟੁੱਟੇ ਹੋਏ ਸਨ। ਮੀਟਰ ਟੁੱਟੇ ਹੋਣ ਦੀ ਵਜ੍ਹਾ ਦੇ ਨਾਲ ਸਿਲੰਡਰ ਵਿਚ ਮੌਜੂਦ ਗੈਸ ਦੀ ਮਾਤਰਾ ਪਤਾ ਹੀ ਨਹੀਂ ਲੱੱਗਦੀ।